ਦੂਜਾ ਸਰੂਪ ਵੀ ਜਲਦੀ ਸਿੱਖ ਸੰਗਤ ਨੂੰ ਸੌਂਪਿਆ ਜਾਵੇਗਾ: ਕਾਲਕਾ, ਕਾਹਲੋਂ
ਕੇਂਦਰ ਦੀ ਸਰਕਾਰ ਅਤੇ ਖਾਸ ਤੌਰ ਤੇ ਭਾਰਤ ਦੇ ਵਿਦੇਸ਼ ਮੰਤਰੀ ਦਾ ਕੀਤਾ ਧੰਨਵਾਦ
ਨਵੀਂ ਦਿੱਲੀ, 24 ਅਗਸਤ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਦੇ ਕੌਮੀ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੇ ਯਤਨਾਂ ਸਦਕਾ ਕਤਰ ਵਿਚ ਪੁਲਿਸ ਥਾਣੇ ਵਿਚ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪਾਂ ਵਿਚੋਂ ਇਕ ਸਰੂਪ ਸਿੱਖ ਸੰਗਤ ਨੂੰ ਸੌਂਪ ਦਿੱਤਾ ਗਿਆ ਹੈ ਤੇ ਦੂਜਾ ਸਰੂਪ ਵੀ ਜਲਦੀ ਹੀ ਸੰਗਤ ਨੂੰ ਸੌਂਪ ਦਿੱਤਾ ਜਾਵੇਗਾ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਜਿਵੇਂ ਹੀ ਸੋਸ਼ਲ ਮੀਡੀਆ ’ਤੇ ਸਾਨੂੰ ਕਤਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਪੁਲਿਸ ਥਾਣੇ ਵਿਚ ਰੱਖੇ ਹੋਣ ਦਾ ਪਤਾ ਲੱਗਾ ਤਾਂ ਅਸੀਂ ਤੁਰੰਤ ਕਤਰ ਦੇ ਸਫਾਰਤਖਾਨੇ ਨਾਲ ਸੰਪਰਕ ਕਾਇਮ ਕੀਤਾ ਤੇ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਮਹਾਤਮ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਇਸੇ ਦੌਰਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨਾਲ ਰਾਬਤਾ ਕਰ ਕੇ ਉਹਨਾਂ ਨੂੰ ਸਾਰੇ ਮਾਮਲੇ ਤੋਂ ਜਾਣੂ ਕਰਵਾਇਆ ਜਿਹਨਾਂ ਨੇ ਕਤਰ ਕੋਲ ਇਹ ਮਾਮਲਾ ਚੁੱਕਿਆ।
ਉਹਨਾਂ ਦੱਸਿਆ ਕਿ ਸੰਗਤ ਦੇ ਆਸ਼ੀਰਵਾਦ ਸਦਕਾ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਸਰੂਪ ਸਿੱਖ ਸੰਗਤ ਨੂੰ ਸੌਂਪ ਦਿੱਤਾ ਗਿਆ ਹੈ ਤੇ ਦੂਜਾ ਸਰੂਪ ਵੀ ਜਲਦੀ ਹੀ ਸੰਗਤ ਨੂੰ ਸੌਂਪ ਦਿੱਤਾ ਜਾਵੇਗਾ।
ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪੁਲਿਸ ਥਾਣੇ ਵਿਚ ਹੋਣ ਦੀ ਖਬਰ ਨਾਲ ਸਿੱਖ ਹਿਰਦਿਆਂ ਨੂੰ ਵੱਡੀ ਠੇਸ ਪਹੁੰਚੀ ਹੈ ਤੇ ਅਸੀਂ ਸਾਰੇ ਮਾਮਲੇ ਤੋਂ ਕਤਰ ਦੇ ਸਫਾਰਤਖਾਨੇ ਨੂੰ ਜਾਣੂ ਕਰਵਾਇਆ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਅਸੀਂ ਯਤਨਸ਼ੀਲ ਹਾਂ ਕਿ ਅਜਿਹੀ ਘਟਨਾ ਦੁਬਾਰਾ ਫੇਰ ਕਦੇ ਨਾ ਵਾਪਰੇ।
ਉਹਨਾਂ ਮੁੜ ਦੁਹਰਾਇਆ ਕਿ ਦਿੱਲੀ ਗੁਰਦੁਆਰਾ ਕਮੇਟੀ ਸਿਰਫ ਦਿੱਲੀ ਜਾਂ ਦੇਸ਼ ਵਿਚ ਹੀ ਨਹੀਂ ਬਲਕਿ ਦੁਨੀਆਂ ਵਿਚ ਜਿਥੇ ਕਿਤੇ ਵੀ ਸਿੱਖ ਮਸਲੇ ਸਾਹਮਣੇ ਆਉਂਦੇ ਹਨ, ਉਹਨਾਂ ਦੇ ਹੱਲ ਵਾਸਤੇ ਸੰਜੀਦਗੀ ਨਾਲ ਯਤਨ ਕਰਨ ਲਈ ਵਚਨਬੱਧ ਹੈ ਤੇ ਹਮੇਸ਼ਾ ਰਹੇਗੀ। ਸਰਦਾਰ ਕਾਲਕਾ ਅਤੇ ਸਰਦਾਰ ਕਾਹਲੋ ਨੇ ਕੇਂਦਰ ਦੀ ਸਰਕਾਰ ਅਤੇ ਖ਼ਾਸ ਤੌਰ ਤੇ ਵਿਦੇਸ਼ ਮੰਤਰੀ ਦਾ ਇਸ ਸਾਰੇ ਮਾਮਲੇ ਨੂੰ ਸੰਜੀਦਗੀ ਨਾਲ ਚੁੱਕਣ ਲਈ ਉਨ੍ਹਾਂ ਦਾ ਆਭਾਰ ਪ੍ਰਕਟ ਕੀਤਾ।

No comments:
Post a Comment
Note: Only a member of this blog may post a comment.