ਸੈਂਸਰ ਬੋਰਡ ਆਪਣੇ ਫੈਸਲੇ ਤੁਰੰਤ ਵਾਪਸ ਲਵੇ, ਕੀਤੀ ਅਪੀਲ
ਨਵੀਂ ਦਿੱਲੀ, 27 ਸਤੰਬਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਭਾਰਤ ਦੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੈਂਸਰ ਬੋਰਡ) ਵੱਲੋਂ ਮਰਹੂਮ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਬਣੀ ਫਿਲਮ ਵਿਚ 120 ਕੱਟ ਲਗਾਉਣਾ, ਫਿਲਮ ਦਾ ਨਾਂ ਬਦਲਣਾ ਅਤੇ ਖਾਲੜਾ ਦਾ ਨਾਂ ਕਟਵਾਉਣਾ ਸਿੱਖਾਂ ਨਾਲ ਵੱਡੀ ਬੇਇਨਸਾਫੀ ਹੈ ਤੇ ਉਹਨਾਂ ਨੇ ਸੈਂਸਰ ਬੋਰਡ ਨੂੰ ਅਪੀਲ ਕੀਤੀ ਕਿ ਉਹ ਆਪਣਾ ਫੈਸਲਾ ਤੁਰੰਤ ਵਾਪਸ ਲਵੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਕਾਲਕਾ ਨੇ ਕਿਹਾ ਕਿ 1984 ਤੋਂ 1994 ਤੱਕ ਪੰਜਾਬ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਲਾਪਤਾ ਹੋਏ ਸਿੱਖ ਨੌਜਵਾਨਾਂ ਦੀ ਸ਼ਨਾਖ਼ਤ ਕਰਨ ਵਾਲੇ ਮਨੁੱਖੀ ਅਧਿਕਾਰ ਕਾਰਕੁੰਨ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਸਿੱਖ ਕੌਮ ਵਿਚ ਵੱਡਾ ਸਤਿਕਾਰ ਹੈ। ਉਹਨਾਂ ਕਿਹਾ ਕਿ ਖਾਲੜਾ ਦੇ ਜੀਵਨ ’ਤੇ ਆਧਾਰਿਤ ਫਿਲਮ ਪ੍ਰਤੀ ਸਿੱਖ ਭਾਈਚਾਰੇ ਵਿਚ ਬਹੁਤ ਉਤਸੁਕਤਾ ਬਣੀ ਹੋਈ ਸੀ। ਉਹਨਾਂ ਕਿਹਾ ਕਿ ਹੁਣ ਇਹ ਸਾਹਮਣੇ ਆਇਆ ਹੈ ਕਿ ਸੈਂਸਰ ਬੋਰਡ ਨੇ ਫਿਲਮ ਵਿਚ 120 ਕੱਟ ਹੀ ਨਹੀਂ ਲਗਾਏ ਸਗੋਂ ਫਿਲਮ ਦਾ ਨਾਂ ਬਦਲ ਕੇ ’ਸਤਲੁਜ’ ਕਰ ਦਿੱਤਾ ਹੈ ਅਤੇ ਮੁੱਖ ਕਿਰਦਾਰ ਦਾ ਨਾਂ ਵੀ ਜਸਵੰਤ ਸਿੰਘ ਤੋਂ ਬਦਲਣ ਦੇ ਹੁਕਮ ਦਿੱਤੇ ਹਨ।
ਉਹਨਾਂ ਕਿਹਾ ਕਿ ਜਦੋਂ ਜਸਵੰਤ ਸਿੰਘ ਖਾਲੜਾ ਦੀ ਪਛਾਣ ਹੀ ਫਿਲਮ ਵਿਚੋਂ ਖਤਮ ਦੇਣੀ ਹੈ ਤਾਂ ਫਿਰ ਫਿਲਮ ਵਿਚ ਬਾਕੀ ਕੀ ਰਹਿ ਜਾਣਾ ਹੈ। ਉਹਨਾਂ ਕਿਹਾ ਕਿ 120 ਕੱਟ ਲਗਾਉਣਾ ਵੀ ਆਪਣੇ ਆਪ ਵਿਚ ਪਹਿਲੀ ਵਾਰ ਦਾ ਬਣਿਆ ਰਿਕਾਰਡ ਹੈ।
ਉਹਨਾਂ ਕਿਹਾ ਕਿ ਜੇਕਰ ਭਾਰਤੀ ਫਿਲਮਾਂ ਦੇ ਇਤਿਹਾਸ ’ਤੇ ਝਾਤ ਮਾਰੀ ਜਾਵੇ ਤਾਂ ਅਨੇਕਾਂ ਫਿਲਮਾਂ ਹਨ ਜਿਹਨਾਂ ਦੇ ਵਿਵਾਦ ਖੜ੍ਹੇ ਹੋਣ ਦੇ ਬਾਵਜੂਦ ਵੀ ਫਿਲਮਾਂ ਸੈਂਸਰ ਬੋਰਡ ਨੇ ਪਾਸ ਕੀਤੀਆਂ ਤੇ ਉਹ ਰਿਲੀਜ਼ ਹੋਈਆਂ। ਉਹਨਾਂ ਕਿਹਾ ਕਿ ਤਾਜ਼ਾ ਮਾਮਲਾ ਕੰਗਣਾ ਰਣੌਤ ਦੀ ਫਿਲਮ ’ਐਮਰਜੰਸੀ’ ਵਿਵਾਦਾਂ ਦੇ ਬਾਵਜੂਦ ਰਿਲੀਜ਼ ਹੋ ਰਹੀ ਹੈ। ਇਸੇ ਤਰੀਕੇ ’ਦਾ ਕਸ਼ਮੀਰ ਫਾਈਲਜ਼’, ’ਫਾਇਰ’ ਸਮੇਤ ਅਨੇਕਾਂ ਹੋਰ ਫਿਲਮਾਂ ਹਨ ਜਿਹਨਾਂ ਨੂੰ ਰਿਲੀਜ਼ ਕੀਤਾ ਗਿਆ।
ਉਹਨਾਂ ਕਿਹਾ ਕਿ ਫਿਲਮ ’ਪੰਜਾਬ ’95’ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ, ਇਸ ਲਈ ਇਸਨੂੰ ਖਾਲੜਾ ਦੇ ਅਸਲ ਜੀਵਨ ਅਨੁਸਾਰ ਪੇਸ਼ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਇਸ ਮਾਮਲੇ ਵਿਚ ਸੈਂਸਰ ਬੋਰਡ ਤੱਕ ਵੀ ਪਹੁੰਚ ਕਰੇਗੀ ਤੇ ਉਹਨਾਂ ਨੂੰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਨ ਲਈ ਅਪੀਲ ਕਰੇਗੀ।
.jpg)
No comments:
Post a Comment
Note: Only a member of this blog may post a comment.