ਦਿੱਲੀ ਕਮੇਟੀ ਪ੍ਰਧਾਨ ਨੇ ਜਥੇਦਾਰ ਟੌਹੜਾ ਦੇ ਜਨਮ ਸ਼ਤਾਬਦੀ ਸਮਾਗਮ ਵਿਚ ਭਰੀ ਹਾਜ਼ਰੀ
ਨਵੀਂ ਦਿੱਲੀ, 24 ਸਤੰਬਰ: ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਹਮੇਸ਼ਾ ਹਿੱਕ ਡਾਹ ਕੇ ਕੌਮ ਦੀ ਲੜਾਈ ਲੜੀ ਅਤੇ ਸਰਕਾਰਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਪੰਥ ਦੇ ਮਸਲੇ ਹੱਲ ਕਰਵਾਏ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕੀਤਾ ਹੈ।
ਅੱਜ ਪਿੰਡ ਟੌਹੜਾ ਵਿਖੇ ਟੌਹੜਾ ਪਰਿਵਾਰ ਅਤੇ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਕਰਵਾਏ ਜਥੇਦਾਰ ਟੌਹੜਾ ਦੇ ਜਨਮ ਸ਼ਤਾਬਦੀ ਸਮਾਗਮਾਂ ਵਿਚ ਹਾਜ਼ਰੀ ਭਰਦਿਆਂ ਸਰਦਾਰ ਕਾਲਕਾ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹਨਾਂ ਨੇ ਜਥੇਦਾਰ ਟੌਹੜਾ ਨਾਲ ਅਨੇਕਾਂ ਸਾਲ ਨੇੜੇ ਹੋ ਕੇ ਕੰਮ ਕੀਤਾ। ਉਹਨਾਂ ਕਿਹਾ ਕਿ ਅੰਤਿਮ ਸਮੇਂ ਵੇਲੇ ਵੀ ਉਹ ਜਥੇਦਾਰ ਟੌਹੜਾ ਦੇ ਨਾਲ ਸਨ।
ਉਹਨਾਂ ਕਿਹਾ ਕਿ ਅੱਜ ਦਾ ਇਕੱਠ ਦੱਸ ਰਿਹਾ ਹੈ ਕਿ ਲੋਕਾਂ ਦੇ ਮਨਾਂ ਵਿਚ ਕੌਮ ਅਤੇ ਪੰਥ ਪ੍ਰਤੀ ਕਿੰਨਾ ਦਰਦ ਹੈ ਅਤੇ ਪੰਥ ਲੋਕਾਂ ਦੇ ਮਨਾਂ ਵਿਚ ਜਿਉਂਦਾ ਹੈ ਬੱਸ ਇਸ ਵਿਚ ਰੂਹ ਫੂਕਣ ਦੀ ਅਤੇ ਇਸਨੂੰ ਸਹੀ ਦਿਸ਼ਾ ਦੇਣ ਦੀ ਜ਼ਰੂਰਤ ਹੈ।
ਉਹਨਾਂ ਕਿਹਾ ਕਿ ਜਿਸ ਦਲੇਰੀ ਅਤੇ ਪੂਰੀ ਇਮਾਨਦਾਰੀ ਨਾਲ ਜਥੇਦਾਰ ਟੌਹੜਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ 27 ਸਾਲ ਸੇਵਾਵਾਂ ਨਿਭਾਈਆਂ, ਉਹਨਾਂ ਤੋਂ ਬਾਅਦ ਕੋਈ ਵੀ ਆਗੂ ਉਹਨਾਂ ਵਰਗਾ ਨਹੀਂ ਬਣ ਸਕਿਆ। ਉਹਨਾਂ ਕਿਹਾ ਕਿ ਅੱਜ ਕੌਮ ਨੂੰ ਫਿਰ ਤੋਂ ਪੰਥ ਦਾ ਦਰਦ ਸਮਝਣ ਵਾਲੇ ਆਗੂਆਂ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜੇਕਰ ਜਥੇਦਾਰ ਟੌਹੜਾ ਜਿਉਂਦੇ ਹੁੰਦੇ ਤਾਂ ਪੰਜਾਬ ਵਿਚ ਬੇਅਦਬੀ ਵਰਗੀਆਂ ਮੰਦਭਾਗੀਆਂ ਘਟਨਾਵਾਂ ਕਦੇ ਨਾ ਵਾਪਰਦੀਆਂ।
ਉਹਨਾਂ ਕਿਹਾ ਕਿ ਜਥੇਦਾਰ ਟੌਹੜਾ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਉਹਨਾਂ ਦੀ ਸੋਚ ਮੁਤਾਬਕ ਪੰਥ ਨੂੰ ਮਜ਼ਬੂਤ ਕਰਨ ਤੇ ਕੌਮ ਨੂੰ ਅੱਗੇ ਲਿਜਾਣ ਲਈ ਕੰਮ ਕਰੀਏ। ਵੱਧ ਤੋਂ ਵੱਧ ਲੋਕਾਂ ਨੂੰ ਅੰਮ੍ਰਿਤਧਾਰੀ ਬਣਾਈਏ, ਗੁਰਬਾਣੀ ਅਤੇ ਗੁਰਸਿੱਖੀ ਜੀਵਨ ਨਾਲ ਜੋੜੀਏ।
ਇਸ ਮੌਕੇ ਉਹਨਾਂ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ. ਭੁਪਿੰਦਰ ਸਿੰਘ ਭੁੱਲਰ , ਸ. ਪਰਵਿੰਦਰ ਸਿੰਘ ਲੱਕੀ, ਸ. ਸਤਨਾਮ ਸਿੰਘ , ਸ. ਜਸਵਿੰਦਰ ਸਿੰਘ ਅਤੇ ਸ. ਬਲਜਿੰਦਰ ਸਿੰਘ ਵੀ ਮੌਜੂਦ ਸਨ।

No comments:
Post a Comment
Note: Only a member of this blog may post a comment.